ਪਾਠ-23 ਰਾਜ ਸਰਕਾਰ
ਪ੍ਰਸ਼ਨ-1. ਭਾਰਤ ਦੇ ਉਨ੍ਹਾਂ ਪੰਜ ਰਾਜਾਂ ਦੇ ਨਾਂ ਲਿਖੋ ਜਿੱਥੇ ਦੋ ਸਦਨੀ ਵਿਧਾਨਪਾਲਿਕਾ ਹੈ ।
ਉੱਤਰ- ਬਿਹਾਰ, ਜੰਮੂ-ਕਸ਼ਮੀਰ,ਕਰਨਾਟਕਾ, ਆਂਧਰਾ ਪ੍ਰਦੇਸ਼ ਅਤੇ ਮਹਾਂਰਾਸ਼ਟਰ ।
ਪ੍ਰਸ਼ਨ-2. ਐੱਮ.ਐੱਲ.ਏ.ਰੁਣੇ ਜਾਣ ਲਈ ਕਿਹੜੀਆਂ ਦੋ ਯੋਗਤਾਵਾਂ ਜਰੂਰੀ ਹਨ?
ਉੱਤਰ- 1. ਉਹ ਭਾਰਤ ਦਾ ਨਾਗਰਿਕ ਹੋਵੇ ।
2. ਉਸਦੀ ਉਮਰ 25 ਸਾਲ ਤੋਂ ਘੱਟ ਨਾ ਹੋਵੇ ।
ਪ੍ਰਸ਼ਨ-3. ਰਾਜਪਾਲ ਚੁਣੇ ਜਾਣ ਲਈ ਕਿਹੜੀਆਂ ਯੋਗਤਾਵਾਂ ਜਰੂਰੀ ਹਨ ?
ਉੱਤਰ- 1. ਉਹ ਭਾਰਤ ਦਾ ਨਾਗਰਿਕ ਹੋਵੇ ।
2. ਉਸਦੀ ਉਮਰ 35 ਸਾਲ ਤੋਂ ਘੱਟ ਨਾ ਹੋਵੇ ।
3. ਉਹ ਰਾਜ ਜਾਂ ਕੇਂਦਰੀ ਵਿਧਾਨਪਾਲਿਕਾ ਦਾ ਮੈਂਬਰ ਜਾਂ ਸਰਕਾਰੀ ਅਧਿਕਾਰੀ ਨਾ ਹੋਵੇ ।
ਪ੍ਰਸ਼ਨ-4. ਕਿਸੇ ਸਰਕਾਰੀ ਵਿਭਾਗ ਦਾ ਕਾਰਜਕਾਰੀ ਮੁਖੀ ਕੌਣ ਹੁੰਦਾ ਹੈ ?
ਉੱਤਰ- ਕਿਸੇ ਸਰਕਾਰੀ ਵਿਭਾਗ ਦਾ ਕਾਰਜਕਾਰੀ ਮੁਖੀ ਵਿਭਾਗੀ ਸਕੱਤਰ ਹੁੰਦਾ ਹੈ ।
ਪ੍ਰਸ਼ਨ-5. ਤੁਹਾਡੇ ਰਾਜ ਦਾ ਮੁੱਖ ਮੰਤਰੀ ਅਤੇ ਰਾਜਪਾਲ ਕੌਣ ਹਨ?
ਉੱਤਰ- ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ
ਰਾਜਪਾਲ- ਸ੍ਰੀ ਵੀ.ਪੀ. ਸਿੰਘ ਬਦਨੌਰ
ਪ੍ਰਸ਼ਨ-6. ਰਾਜ ਦਾ ਕਾਰਜਕਾਰੀ ਅਧਿਕਾਰੀ ਕੌਣ ਹੁੰਦਾ ਹੈ ?
ਉੱਤਰ- ਰਾਜਪਾਲ ॥
ਪ੍ਰਸ਼ਨ-7. ਰਾਜਪਾਲ ਦੇ ਕੰਮਾਂ ਬਾਰੇ ਦੱਸੋ ।
ਉੱਤਰ- ਕੇਂਦਰ ਵਿੱਚ ਰਾਸ਼ਟਰਪਤੀ ਦੇ ਵਾਂਗ ਰਾਜਪਾਲ ਰਾਜ ਦਾ ਨਾ-ਮਾਤਰ ਮੁਖੀ ਹੈ।ਰਾਜਪਾਲ ਦੇ ਕੰਮ ਹੇਠ ਲਿਖੇ ਹਨ :
1. ਉਹ ਰਾਜ ਦਾ ਕਾਰਜਕਾਰੀ ਮੁਖੀ ਹੁੰਦਾ ਹੈ । ਰਾਜ ਦਾ ਸ਼ਾਸ਼ਨ ਉਸਦੇ ਨਾਂ ਤੇ ਚਲਾਇਆ ਜਾਂਦਾ ਹੈ ।
2. ਉਹ ਮੁੱਖ ਮੰਤਰੀ ਅਤੇ ਦੂਸਰੇ ਸਾਰੇ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
3. ਰਾਜ ਦੇ ਹਾਈਕੋਰਟ ਦੇ ਜੱਜਾਂ ਦੀ ਨਿਯੁਕਤੀ ਸਮੇਂ ਉਹ ਰਾਸ਼ਟਰਪਤੀ ਨੂੰ ਸਲਾਹ ਦਿੰਦਾ ਹੈ ।
4.ਉਹ ਰਾਜ ਵਿਧਾਨ ਮੰਡਲ ਦੁਆਰਾ ਪਾਸ ਕੀਤ ਕਾਨੂੰਨਾਂ ਨੂੰ ਮਨਜੂਰੀ ਦਿੰਦਾ ਹੈ ।
5. ਰਾਸ਼ਟਰਪਤੀ ਰਾਜ ਸਮੇਂ ਰਾਜਪਾਲ ਰਾਜ ਦਾ ਅਸਲ ਮੁਖੀ ਬਣ ਜਾਂਦਾ ਹੈ ।
ਪ੍ਰਸ਼ਨ-8. ਰਾਜ ਦੇ ਮੁੱਖ ਮੰਤਰੀ ਦੇ ਕੰਮਾਂ ਅਤੇ ਸ਼ਕਤੀਆਂ ਦਾ ਵਰਨਣ ਕਰੋ।
ਉੱਤਰ- ਮੁੱਖ ਮੰਤਰੀ ਰਾਜ ਦਾ ਅਸਲ ਮੁਖੀ ਹੁੰਦਾ ਹੈ । ਉਸਦੇ ਕੰਮਾਂ ਅਤੇ ਸ਼ਕਤੀਆਂ ਦਾ ਵਰਨਣ ਹੇਠ ਲਿਖੇ ਅਨੁਸਾਰ ਹੈ -
1. ਮੁੱਖ ਮੰਤਰੀ ਆਪਣੀ ਸਹਾਇਤਾ ਲਈ ਮੰਤਰੀਆਂ ਦੀ ਨਿਯੁਕਤੀ ਲਈ ਇੱਕ ਸੂਚੀ ਰਾਜਪਾਲ ਨੂੰ ਸੌਂਪਦਾ ਹੈ। ਰਾਜਪਾਲ ਉਨ੍ਹਾਂ ਨੂੰ ਹੀ ਮੰਤਰੀ ਨਿਯੁਕਤ ਕਰਦਾ ਹੈ ।
2. ਮੁੱਖ ਮੰਤਰੀ ਵੱਖ-ਵੱਖ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕਰਦਾ ਹੈ।
3. ਮੁੱਖ ਮੰਤਰੀ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ।
4.ਮੁੱਖ ਮੰਤਰੀ ਕੇਂਦਰੀ ਸਰਕਾਰ ਪ੍ਰਤੀ ਜਵਾਬਦੇਹ ਹੁੰਦਾ ਹੈ ਇਸ ਲਈ ਉਹ ਕੇਂਦਰੀ ਸਰਕਾਰ ਨਾਲ ਚੰਗੇ ਸੰਬੰਧ ਬਣਾਉਣ ਦਾ ਯਤਨ ਕਰਦਾ ਹੈ।
ਪ੍ਰਸ਼ਨ-9.ਰਾਜਪਾਲ ਦੀਆਂ ਸਵੈ-ਇੱਛੁਕ ਸ਼ਕਤੀਆਂ ਕਿਹੜੀਆਂ ਹਨ ?
ਉੱਤਰ- ਰਾਜਪਾਲ ਕੋਲ ਕੁਝ ਅਜਿਹੀਆਂ ਸ਼ਕਤੀਆਂ ਹੁੰਦੀਆਂ ਹਨ ਜਿੰਨ੍ਹਾਂ ਦੀ ਵਰਤੋਂ ਉਹ ਆਪਣੀ ਇੱਛਾ ਅਨੁਸਾਰ ਕਰ ਸਕਦਾ ਹੈ। ਇਹ ਨਿਮਨਲਿਖਿਤ ਹਨ -
1. ਜੇਕਰ ਰਾਜ ਦੀਆਂ ਚੋਣਾ ਵਿੱਚ ਕਿਸੇ ਵੀ ਦਲ ਨੂੰ ਬਹੁਮਤ ਨਾ ਮਿਲੇ ਤਾਂ ਉਹ ਆਪਣੀ ਇੱਛਾ ਅਨੁਸਾਰ ਮੁੱਖ ਮੰਤਰੀ ਦੀ ਨਿਯੁਕਤੀ ਕਰ ਸਕਦਾ ਹੈ ।
2. ਰਾਜ ਦਾ ਪ੍ਰਬੰਧ ਠੀਕ ਨਾ ਚੱਲਣ ਤੇ ਉਹ ਕਾਰਜਪਾਲਿਕਾ ਨੂੰ ਭੰਗ ਕਰਨ ਲਈ ਰਾਸ਼ਟਰਪਤੀ ਨੂੰ ਸਲਾਹ ਦੇ ਸਕਦਾ ਹੈ।
ਪ੍ਰਸ਼ਨ-10.ਰਾਜ ਦੇ ਪ੍ਰਬੰਧਕੀ ਕੰਮ ਕਿਹੜੇ-ਕਿਹੜੇ ਸਿਵਲ ਅਧਿਕਾਰੀ ਚਲਾਉਂਦੇ ਹਨ ?
ਉੱਤਰ- ਰਾਜ ਵਿੱਚ ਸਿੱਖਿਆ, ਆਵਾਜਾਈ, ਸਿਹਤ ਅਤੇ ਸਫਾਈ ਆਦਿ ਵਿਭਾਗ ਹੁੰਦੇ ਹਨ | ਹਰੇਕ ਵਿਭਾਗ ਦਾ ਇੱਕ ਮੰਤਰੀ ਹੁੰਦਾ ਹੈ। ਮੰਤਰੀਆਂ ਦੀ ਸਹਾਇਤਾ ਲਈ ਸਰਕਾਰੀ ਅਧਿਕਾਰੀ ਹੁੰਦੇ ਹਨ | ਹਰੇਕ ਵਿਭਾਗ ਦਾ ਸਕੱਤਰ ਆਪਣੇ-ਆਪਣੇ ਵਿਭਾਗ ਦਾ ਮੁਖੀ ਹੁੰਦਾ ਹੈ | ਸਕੱਤਰ ਦੇ ਦਫਤਰ ਨੂੰ ਸਕੱਤਰੇਤ ਕਿਹਾ ਜਾਂਦਾ ਹੈ ।
ਪ੍ਰਸ਼ਨ-11. ਮੰਤਰੀ ਪਰਿਸ਼ਦ ਬਾਰੇ ਜਾਣਕਾਰੀ ਦਿਓ।
ਉੱਤਰ- ਮੰਤਰੀਆਂ ਨੂੰ ਸਮੂਹਿਕ ਰੂਪ ਵਿੱਚ ਮੰਤਰੀ ਪਰਿਸ਼ਦ ਕਿਹਾ ਜਾਂਦਾ ਹੈ । ਮੁੱਖ ਮੰਤਰੀ ਇਸਦਾ ਮੁਖੀਆ ਹੁੰਦਾ ਹੈ । ਇਸ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ।
ਪ੍ਰਸ਼ਨ-12. ਰਾਜ ਵਿਧਾਨਪਾਲਿਕਾ ਬਾਰੇ ਜਾਣਕਾਰੀ ਦਿਓ।
ਉੱਤਰ- ਸਾਰੇ ਐੱਮ.ਐੱਲ.ਏ. ਮਿਲ ਕੇ ਰਾਜ ਵਿਧਾਨ ਸਭਾ ਦਾ ਨਿਰਮਾਣ ਕਰਦੇ ਹਨ । ਇਸਦਾ ਰਾਰਜਕਾਲ 5 ਸਾਲ ਦਾ ਹੁੰਦਾ ਹੈ। ਰਾਜਪਾਲ ਵਿਧਾਨਪਾਲਿਕਾ/ਵਿਧਾਨ ਸਭਾ ਨੂੰ 5 ਸਾਲ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ ।
ਪ੍ਰਸ਼ਨ-13. ਵਿਧਾਨ ਪਰਿਸ਼ਦ ਤੇ ਨੋਟ ਲਿਖੋ ।
ਉੱਤਰ- ਭਾਰਤ ਦੇ ਕਈ ਰਾਜਾਂ ਵਿੱਚ ਦੋ ਸਦਨੀ ਵਿਧਾਨ ਮੰਡਲ ਹੈ ।ਵਿਧਾਨ ਪਰਿਸ਼ਦ ਰਾਜ ਦਾ ਉੱਪਰਲਾ ਸਦਨ ਹੁੰਦਾ ਹੈ । ਇਸਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ । ਇਸ ਦੇ 1/3 ਮੈਂਬਰ ਹਰੇਕ ਦੋ ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਹਨ । ਇਹ ਇੱਕ ਸਥਾਈ ਸਦਨ ਹੈ । ਇਸ ਨੂੰ ਭੰਗ ਨਹੀਂ ਕੀਤਾ ਜਾ ਸਕਦਾ।
ਪ੍ਰਸ਼ਨ-14. ਸੜਕ ਹਾਦਸਿਆਂ ਦੇ ਕੋਈ ਪੰਜ ਮੁੱਖ ਕਾਰਨ ਦੱਸੋ ।
ਉੱਤਰ- ਸੜਕ ਹਾਦਸਿਆਂ ਦੇ ਮੁੱਖ ਕਾਰਨ ਹੇਠ ਲਿਖੇ ਹਨ :
1. ਤੇਜ਼ ਰਫਤਾਰ ਨਾਲ ਵਾਹਨ ਚਲਾਉਣਾ- ਤੇਜ਼ ਰਫਤਾਰ ਸੜਕ ਹਾਦਸਿਆਂ ਦਾ ਮੁੱਖ ਕਾਰਨ ਹੈ । ਧਿਆਨ ਹਟਣ ਨਾਲ ਤੇਜ਼ ਰਫਤਾਰ ਵਾਲਾ ਵਾਹਨ ਜਲਦੀ ਹੀ ਦੁਰਘਟਨਾ ਦਾ ਸ਼ਿਕਾਰ ਹੋ ਸਕਦਾ ਹੈ ।
2. ਸਿਗਨਲ ਨੂੰ ਨਾ ਮੰਨਣਾ- ਕਈ ਵਾਰ ਵਾਹਨ ਚਾਲਕ ਟ੍ਰੈਫਿਕ ਲਾਈਟ ਲਾਲ ਹੋਣ ਤੋਂ ਪਹਿਲਾਂ ਹੀ ਸੜਕ ਨੂੰ ਪਾਰ ਕਰਨ ਲਈ ਵਾਹਨ ਨੂੰ ਬਹੁਤ ਜਿਆਦਾ ਤੇਜ਼ੀ ਨਾਲ ਚਲਾਉਂਦੇ ਹਨ, ਇਸ ਨਾਲ ਦੁਘਟਨਾ ਹੋਣ ਦਾ ਡਰ ਬਣਿਆ ਰਹਿੰਦਾ ਹੈ ।
3. ਵਾਹਨਾਂ ਨੂੰ ਵਧੇਰੇ ਸਮਾਨ ਜਾਂ ਸਵਾਰੀਆਂ ਨਾਲ ਲੱਦਣਾ- ਵਾਹਨ ਚਾਲਕ ਕਈ ਵਾਰੀ ਆਲਣੇ ਵਾਹਨ ਨੂੰ ਵਧੇਰੇ ਸਮਾਨ ਜਾਂ ਸਵਾਰੀਆਂ ਨਾਲ ਲੱਦ ਲੈਂਦੇ ਹਨ, ਜਿਸ ਕਾਰਨ ਹਾਦਸਾ ਹੋ ਜਾਂਦਾ ਹੈ ।
4. ਛੋਟੀ ਉਮਰ ਦੇ ਬੱਚਿਆਂ ਦਾ ਵਾਹਨ ਚਲਾਉਣਾ- 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਕਈ ਵਾਰੀ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ ਲੱਗ ਪੈਂਦੇ ਹਨ, ਜਿਸ ਕਾਰਨ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ ।
5. ਗਲਤ ਢੰਗ ਨਾਲ ਅੱਗੇ ਨਿੱਕਲਣਾ- ਕਈ ਵਾਰ ਗਲਤ ਢੰਗ ਨਾਲ ਅੱਗੇ ਨਿੱਕਲਣ ਦੀ ਕੋਸ਼ਿਸ਼ ਵਿੱਚ ਦੋ ਵਾਹਨ ਆਪਸ ਵਿੱਚ ਟਕਰਾ ਜਾਂਦੇ ਹਨ । ਅਜਿਹੇ ਹਾਦਸੇ ਪੈਦਲ ਚਾਲਕਾਂ ਲਈ ਵੀ ਬਹੁਤ ਖਤਰਨਾਕ ਹੁੰਦੇ ਹਨ ।